

ਵੀਰੋ ਦੀ ਮਸ਼ਕਰੀ
ਬੇਬੇ ਦੀਆਂ ਭੋਲੀਆਂ ਬਾਤਾਂ ਵੀ ਕਿਤੇ ਦੀ ਕਿਤੇ ਜਾ ਪਹੁੰਚਦੀਆਂ …ਨਾਲੇ ਬੇਬੇ ਬਾਤ ਸੁਣਾਉਂਦੀ ਨਾਲ ਕਹੀ ਜਾਂਦੀ, ਭਾਈ ਮਸ਼ਕਰੀ ਵੀ ਰਾਹ ਰਾਹ ਸਿਰ ਦੀ ਹੁੰਦੀ ਹੈ।
… ਕੇਰਾਂ ਭਾਈ ਬਜਾਈ ਦੀ ਰੁੱਤ ਸੀ। ਲੰਬੜਦਾਰਾਂ ਦਾ ਬੰਤਾ (Banta) ਮੋਢੇ ਤੇ ਹਲ ਚੱਕ ਕੇ ਬੋਤੇ ਦੀ ਮ੍ਹਾਰ ਫੜੀ ਖੇਤ ਨੂੰ ਜਾ ਰਹੀ ਸੀ। ਅੱਗਿਓਂ ਉਸ ਨੂੰ ਵੀਰੋ ਟੱਕਰ ਗਈ। ਵੀਰੋ ਉਸ ਦੀ ਪਿੰਡ ਵਿੱਚੋਂ ਭਰਜਾਈ ਲਗਦੀ ਸੀ।
‘ਵੇ ਬੰਤੀਆ,,ਤੂੰ ਤਾਂ ਖੇਤ ਜਾਈ ਜਾਂਦਾ ਏ ,,, ਕੱਲ ਨੂੰ ਮੇਰੇ ਪੇਕਿਆਂ ਤੋਂ ਤੈਨੂੰ ਦੇਖਣ ਆਉਣਗੇ ,,,ਮੇਰਾ ਪਿਓ ਲੈ ਕੇ ਆਊ ਬੰਦੇ ,,,’
ਬੰਤਾ(Banta) ਦੇ ਵਿਆਹ ਦੀ ਉਮਰ ਭਾਵੇਂ ਲੰਘ ਗਈ ਸੀ ਪਰ ਅੱਜ ਵੀ ਉਸ ਨੂੰ ਵਿਆਹ ਦੀ ਆਸ ਸੀ। ਜ਼ਮੀਨ ਵੀ ਠੀਕ ਠਾਕ ਸੀ। ਛੋਟੇ ਭਰਾ ਦਾ ਵਿਆਹ ਪਹਿਲਾਂ ਹੋਣ ਕਰਕੇ ਉਸ ਨੂੰ ਠਲ੍ਹ ਪੈ ਗਈ ਸੀ।
ਵੀਰੋ ਦੇ ਮੂੰਹੋ ਵਿਆਹ ਦੀ ਗੱਲ ਸੁਣਕੇ ਉਸ ਦੀ ਆਸ ਨੂੰ ਫੇਰ ਬੂਰ ਪੈ ਗਿਆ ਸੀ। ਵੀਰੋ ਨੇ ਪਿੰਡ ਵਿੱਚ ਪਹਿਲਾਂ ਵੀ ਰਿਸ਼ਤੇ ਕਰਵਾਏ ਸੀ। ਬੰਤੇ ਨੂੰ ਭਰੋਸਾ ਸੀ ਵੀਰੋ ਗੱਲ ਸਿਰੇ ਲਾ ਕੇ ਛੱਡਦੀ ਏ।
ਬੰਤਾ ਉਨ੍ਹੀ ਪੈਰੀਂ ਘਰ ਵਾਪਿਸ ਮੁੜ ਆਇਆ। ਬੇਬੇ ਨੇ ਪੁੱਛਿਆ,’ਕੀ ਗਲ ਹੋ ਗਈ ?’ ਉਸਨੇ ਬੱਸ ਇਨ੍ਹਾਂ ਹੀ ਕਿਹਾ ਕਿ ਮੈਨੂੰ ਕੰਮ ਹੈ ਤਾਂ ਆ ਗਿਆ,,,ਮੈਨੂੰ ਥੋੜ੍ਹੇ ਪੈਸੇ ਦੇ ਦਿਓ,,,ਚਾਹੀਦੇ ਏ।
ਬੇਬੇ ਉਸ ਨੂੰ ਗਾਲ਼ਾਂ ਕੱਢਦੀ ਰਹੀ, ‘ਵੇ ਪਹਿਲਾਂ ਹੀ ਪਛੇਤ ਪਈ ਹੋਈ ਏ…ਤੂੰ ਕਿੱਧਰ ਨੂੰ ਚੱਲ ਪਿਆ ਹੁਣ?’ ਬੇਬੇ ਕੁਰਲਾਉਂਦੀ ਰਹੀ ,,,ਤੇ ਉਹ ਮੱਲੋ ਮੱਲੀ ਬੇਬੇ ਦੀ ਗੋਝੀ ਚੋਂ ਰੁਪਏ ਲੈ ਗਿਆ।
ਬੰਤੇ ਦੀ ਤਿਆਰੀ
ਪਹਿਲਾਂ ਉਹ ਕਾਲੂ ਦਰਜੀ ਕੋਲ ਗਿਆ ਤੇ ਇਕ ਮਲਮਲ ਦੇ ਕੁੜਤੇ ਦਾ ਨਾਪ ਦਿੱਤਾ,,, ਨਾਲ ਹੀ ਕਹਿਤਾ ਸ਼ਾਮ ਤੱਕ ਤਿਆਰ ਹੋਜੇ ,,,ਫੇਰ ਲਾਲੇ ਦੀ ਹੱਟੀ ਤੋਂ ਇਕ ਪੱਗ ਖਰੀਦੀ ਤੇ ਮਾਵਾ ਲਾਉਣ ਵਾਲੇ ਨੂੰ ਫੜਾ ਕੇ ਕਿਹਾ,’ ਆਥਣ ਨੂੰ ਲਾ ਦੇਈਂ’
ਇਕ ਧੂਮਾਂ ਚਦਰਾ ਵੀ ਲੈ ਲਿਆ ਸੀ। ਮਿਆਂ ਸਲੀਮ ਤੋਂ ਕੱਢਮੀ ਜੁੱਤੀ ਪਵਾ ਲਈ… ਇੱਕ ਕੰਮ ਰਹਿ ਗਿਆ ਸੀ। ਉਹ ਸਿੱਧਾ ਛਪੜ ਵਾਲੇ ਪਿੱਪਲ ਥੱਲੇ ਜੈਲੇ ਨਾਈ ਕੋਲ ਗਿਆ।
ਪਿੱਪਲ ਤੇ ਟੰਗੇ ਘਸਮੈਲੇ ਜਹੇ ਸ਼ੀਸ਼ੇ ਵਿਚ ਦੇਖ ਕੇ ਦਾੜ੍ਹੀ ਰਗੜਦੇ ਹੋਏ ਬੋਲਿਆ,’ਲੈ ਬਾਈ ਜੈਲਿਆ,ਬਣਾ ਦੇ ਵਿਆਹ ਵਾਲਾ ਮੁੰਡਾ,,,,ਚੰਗੀ ਤਰ੍ਹਾ ਖਤ ਕੱਢ ਦੇ।’
‘ਮੈ ਤਾਂ ਤੈਨੂੰ ਵਿਆਹ ਵਾਲਾ ਮੁੰਡਾ ਬਣਾ ਕੇ ਹੀ ਭੇਜਦਾ ਆਂ,,,’ ਅੱਗਿਓਂ ਜੈਲੇ ਨੇ ਵੀ ਮਸ਼ਕਰੀ ਕਰਤੀ।
ਵੱਡਾ ਭੇਦ
ਆਥਣੇ ਘਰੇ ਫੇਰ ਓਸ ਨੂੰ ਗਾਲ਼ਾਂ ਪਈਆਂ,,,ਪਰ ਉਹ ਉੱਕਾ ਨੀ ਗੌਲਿਆ,,,ਬੱਸ ਆਪਣੀ ਤਿਆਰੀ ਵਿੱਚ ਲੱਗਿਆ ਰਿਹਾ। ਘਰਦਿਆਂ ਨੂੰ ਕੁੱਝ ਪਤਾ ਨਹੀਂ ਲੱਗ ਰਹੀ ਸੀ ਕਿ ਉਹ ਕਰ ਕੀ ਰਿਹਾ ਹੈ? ਛੋਟੀ ਭਰਜਾਈ ਨੇ ਵੀ ਪੁੱਛਿਆ ਪਰ ਬੰਤੇ ਨੇ ਕਿਸੇ ਗਲ ਦਾ ਭੇਦ ਨਾ ਦਿੱਤਾ।
ਸਵੇਰ ਦੀ ਤਿਆਰੀ
ਅਗਲੀ ਸਵੇਰ ਉਸ ਨੇ ਸਵਖਤੇ ਹੀ ਤਿਆਰੀ ਖਿੱਚ ਲਈ। ਮਾਵੇ ਵਾਲੀ ਪਗ਼ ਬੰਨ੍ਹ ਕੇ ਲੜ ਛੱਡ ਲਿਆ। ਮਲਮਲ ਦੇ ਕੁੜਤੇ ਨਾਲ ਚਾਦਰਾ ਲਾ ਕੇ ਪੈਰ ਨਵੀਂ ਜੁੱਤੀ ਪਾ ਲਈ। ਟੌਹਰ ਕੱਢ ਕੇ ਬੰਤਾ ਦਰਵਾਜੇ ਵਿੱਚ ਬੈਠ ਗਿਆ,,,ਸਾਰੇ ਓਸ ਵੱਲ ਬਿੱਟਰ ਬਿੱਟਰ ਤੱਕ ਰਹੇ ਸੀ,ਪਰ ਗਲ ਦੀ ਸਮਝ ਕਿਸੇ ਨੂੰ ਨਾ ਆਈ,,
ਬੰਤੇ ਦੀ ਉਡੀਕ
ਇੱਕ ਪਹਿਰ ਤੋਂ ਦੂਜਾ ਪਹਿਰ ਹੋ ਗਿਆ,,,ਉਹ ਓਵੇਂ ਤਿਆਰ ਵਰ ਤਿਆਰ ਬੈਠਾ ਸੀ,,, ਬਿੰਦੇ ਝੱਟੇ ਉਹ ਘੀਝੇ ਵਿੱਚੋਂ ਲੀਰ ਕੱਢ ਕੇ ਜੁੱਤੀ ਸਾਫ ਕਰ ਲੈਂਦਾ ਤੇ ਕਦੇ ਬੈਠਕ ਵਿੱਚ ਲੱਗੇ ਸ਼ੀਸ਼ੇ’ਚ ਮੂੰਹ ਦੇਖ ਕਦੇ ਦਾੜ੍ਹੀ ਕਦੇ ਮੁੱਛ ਠੀਕ ਕਰ ਆਉਂਦਾ ,,,ਸਾਰਾ ਦਿਨ ਉਸ ਦੀ ਚਾਲ ਬੈਠਕ-ਦਰਵਾਜਾ, ਬੈਠਕ-ਦਰਵਾਜਾ ਹੀ ਰਹੀ।
ਪਿਛਲਾ ਪਹਿਰ ਵੀ ਲੰਘ ਗਿਆ,,ਨਾ ਕੋਈ ਆਇਆ ਨਾ ਕੋਈ ਗਿਆ ,,, ਤਰਕਾਲਾਂ ਪੈਣ ਲੱਗੀਆਂ,,,ਉਹ ਹਾਲੇ ਵੀ ਓਸੇ ਟੌਰ’ਚ ਦਰਵਾਜੇ ਵਿੱਚ ਉਵੇਂ ਹੀ ਪੂਰੇ ਦਿਨ ਦੀ ਉਡੀਕ ਦਾ ਥੱਕਿਆ ਬੈਠਾ ਸੀ,,,,
ਬੰਤੇ(Banta)ਦੀ ਹਾਲਤ
ਆਥਣੇ ਵੀਰੋਂ ਤੇ ਉਸ ਦੀਆਂ ਗੁਆਂਢਣਾਂ ਅਕਸਰ ਡੇਰੇ ਵਾਲੇ ਖੂਹ ਤੋਂ ਪਾਣੀ ਭਰਨ ਓਹਨਾ ਦੇ ਦਰਵਾਜੇ ਅੱਗਿਓ ਲੰਘ ਕੇ ਜਾਂਦੀਆਂ ਸਨ।
ਅੱਜ ਜਦੋਂ ਉਹ ਲੰਘ ਰਹੀਆਂ ਸਨ ਤਾਂ ਵੀਰੋ ਨੇ ਫੇਰ ਬੰਤੇ ਨੂੰ ਛੇੜਨ ਲਈ ਬੇਬੇ ਨੂੰ ਕਿਹਾ,’ਕਿ ਗੱਲ ਬੇਬੇ ਅੱਜ ਬੰਦਾ ਬਾਹਲੀ ਹੀ ਟੌਰ ਕੱਢੀ ਬੈਠਾ ਏ,,,ਕਿਵੇਂ ਕੋਈ ਦੇਖਣ ਵਾਲੇ ਆ ਰਹੇ ਆ?’
ਬੇਬੇ ਤੋਂ ਪਹਿਲਾ ਬੰਤਾ ਬੋਲ ਪਿਆ ,,ਤੂੰ ਹੀ ਤਾਂ ਕਿਹਾ ਸੀ ਤੇਰਾ ਪਿਓ ਬੰਦੇ ਲਾਇਕੇ ਆ ਰਿਹਾ ਏ,ਮੈਨੂੰ ਦਿਖਾਉਣ ਨੂੰ,,,ਉਹ ਆਏ ਕਿਉਂ ਨੀ?” ਬੰਤੇ ਦੀ ਨਰਾਸ਼ਾ ਉਸਦੀ ਅਵਾਜ ਵਿੱਚੋਂ ਝਲਕ ਰਹੀ ਸੀ।
ਵੀਰੋ ਹੱਸ ਪਈ ਤੇ ਨਾਲ ਹੀ ਉਸ ਦੀਆਂ ਗੁਆਂਢਣਾਂ ਵੀ। ਸਾਰਿਆਂ ਨੂੰ ਗੱਲ ਸਮਝ ਆ ਗਈ ਸੀ ਕਿ ਬੰਤਾ ਕੱਲ ਤੋਂ ਤਿਆਰੀ ਕਿਉਂ ਖਿੱਚ ਰਿਹਾ ਸੀ ,,ਉਸ ਦੀ ਭਰਜਾਈ ਨੇ ਵੀ ਹਾਸੀ ਲੁਕਾਉਣ ਲਈ ਚੁੰਨੀ ਦਾ ਪੱਲਾ ਮੂੰਹ ਵਿੱਚ ਲੈ ਲਿਆ,,,ਬੇਬੇ ਕੀ ਹੱਸੇ ਤੇ ਕੀ ਰੋਵੇ।
ਵੀਰੋ ਤੇ ਉਸ ਦੀਆਂ ਗੁਆਂਢਣਾਂ ਹੱਸਦੀਆਂ ਹੱਸਦੀਆਂ ਅੱਗੇ ਲੰਘ ਗਈਆਂ ,,, ਬੰਤਾ ਨਿੰਮੋਝਾਣ ਹੋਇਆ ਖੜ੍ਹਾ ਸੀ। ਉਸ ਦਾ ਤਾਂ ਹੁਣ ਜ਼ਹਿਰ ਖਾਣ ਨੂੰ ਜੀ ਕਰ ਰਿਹਾ ਸੀ।
ਉਸ ਨੇ ਮਾਵੇ ਵਾਲੀ ਪਗ਼ ਮੰਝੇ ਤੇ ਵਗਾਹ ਮਾਰੀ। ਸੁੰਨ ਸਰਾਂ ਹੋ ਗਈ,ਕੋਈ ਕੁੱਝ ਨੀ ਬੋਲਿਆ। ਓਹ ਚੁੱਪ ਚਾਪ ਘਰੋਂ ਨਿਕਲ ਗਿਆ। ਵੀਰੋ ਦੀ ਮਸ਼ਕਰੀ ਨੇ ਉਸ ਨੂੰ ਘਰ ਦਿਆਂ ਨਾਲ ਨਜ਼ਰਾਂ ਮਿਲਾਉਣ ਜੋਗਾ ਵੀ ਨਹੀਂ ਸੀ ਛੱਡਿਆ। ਇੱਕ ਵਾਰੀ ਗਿਆ ਬੰਤਾ ਕਈ ਮਹੀਨਿਆਂ ਤੱਕ ਪਰਤ ਕੇ ਪਿੰਡ ਨਾ ਆਇਆ।
ਇਸ ਗਲ ਨੂੰ ਭਾਵੇਂ ਕਈ ਸਾਲ ਹੋ ਗਏ ਸੀ ਪਰ ਬੰਤਾ ਨੇ ਓਸ ਗੱਲ ਨੂੰ ਮਨੋ ਭੁਲਾਇਆ ਨਹੀਂ ਸੀ ਤੇ ਅੱਜ ਵੀ ਵੀਰੋ ਕਦੇ ਕਦੇ ਉਸ ਨੂੰ ਵਿਆਹ ਵਾਲਾ ਮੁੰਡਾ ਕਹਿ ਕੇ ਛੇੜ ਦਿੰਦੀ ਸੀ।
ਭਰਾ ਦਾ ਵਿਆਹ ਤੇ ਬੋਲੀਆਂ
ਬੰਤੇ ਲੰਬੜਦਾਰ ਦਾ ਵੀਰੋ ਦੇ ਘਰ ਤੀਜਾ ਗੇੜਾ ਸੀ। ਫ਼ਸਲ ਖੇਤ ਵਿੱਚ ਰੁਲ਼ ਰਹੀ ਸੀ ਤੇ ਅੱਗਿਓ ਕੋਈ ਉਤਰ ਜਵਾਬ ਨਹੀਂ ਮਿਲ ਰਿਹਾ ਸੀ ,ਜਦੋਂ ਜਾਂਦਾ ਤਾਂ ਇੱਕੋ ਜਵਾਬ ਹੁੰਦਾ ,’ ਮੇਰੇ ਭਰਾ ਦਾ ਵਿਆਹ ਹੈ,ਹੁਣ ਨਹੀਂ ਭਾਈ ਟਾਈਮ ਲੱਗਣਾ।’ ਬੰਤਾ ਚਿੱਟਾ ਜਵਾਬ ਲੈ ਵਾਪਿਸ ਆ ਜਾਂਦਾ।
ਵੀਰੋ ਤੇ ਉਸਦਾ ਪਰਿਵਾਰ ਕਾਫੀ ਸਾਲਾਂ ਤੋਂ ਉਹਨਾਂ ਦੇ ਖੇਤ ਕੰਮ ਕਰਦੇ ਆ ਰਹੇ ਸੀ। ਹਰ ਵਾਰ ਵੀਰੋ ਆਪਣੇ ਸਾਰੇ ਕਬੀਲੇ ਨਾਲ ਸਮੇਂ ਸਿਰ ਉਹਨਾਂ ਦਾ ਪੂਰਾ ਕੰਮ ਨਿਬੜਾਅ ਦਿੰਦੀ ਸੀ ਪਰ ਇਸ ਵਾਰ ਭਰਾ ਦਾ ਵਿਆਹ ਵਿੱਚ ਆ ਗਿਆ ਸੀ।
ਬੰਤੇ ਤਰਲੇ ਵਾਲੀ ਆਵਾਜ਼’ਚ ਕਹਿੰਦਾ,’ਵੀਰੋ ਫ਼ਸਲ ਖਰਾਬ ਹੋ ਰਹੀ ਹੈ ,ਬੰਦੇ ਨਹੀਂ ਮਿਲ ਰਹੇ,,,ਵਿਆਹ ਤੋਂ ਪਹਿਲਾਂ ਪਹਿਲਾਂ ਦਿਨ ਲਵਾ ਦਿਓ,ਏਨੇ ਚ ਕੋਈ ਹੋਰ ਬੰਦੇ ਮਿਲ ਜਾਣਗੇ।’ ਵੀਰੋ ਦੇ ਜਵਾਬ ਅੱਗੇ ਬੰਤੇ ਨੂੰ ਕੋਈ ਜਵਾਬ ਨਾ ਆਉਂਦਾ ਤੇ ਓਹ ਮੁੜ ਜਾਂਦਾ।
ਅੱਗਿਓਂ ਵੀਰੋ ਗੱਲ ਹੀ ਮੁਕਾ ਦਿੰਦੀ,’ਨਾ ਭਾਈ ਕੋਰਾ ਜਵਾਬ ਏ ,ਮੇਰੇ ਭਰਾ ਦਾ ਵਿਆਹ ਹੈ ਤੇ ਮੈਂ ਤਾਂ ਬੋਲੀਆਂ ਦੀ ਵੀ ਤਿਆਰੀ ਕਰਨੀ ਹੈ।’
‘ਲੈ !! ਬੋਲੀਆਂ ਦਾ ਕੀ ਏ ,ਮੈ ਲਿਆ ਦਿਉਂ, ਜਿੰਨੀਆਂ ਕਹੇਂਗੀ।’
ਅੱਜ ਅਚਾਨਕ ਬੰਤੇ ਨੂੰ ਗੱਲ ਔੜ ਗਈ ਤੇ ਓਹ ਮੌਕਾ ਤਾੜ ਗਿਆ ਸੀ।
‘ਅੱਛਾ ਹੋ ਜਾਊ ਪ੍ਰਬੰਧ?’ ਵੀਰੋ ਦਾ ਜਿਵੇਂ ਸੁਰ ਹੀ ਬਦਲ ਗਿਆ।
‘ਜਿੰਨੀਆਂ ਮਰਜ਼ੀ,,, ਪਰ ਪਹਿਲਾਂ ਫ਼ਸਲ ‘ਕੱਠੀ ਕਰਵਾ ਦੇਓ।’
ਬੰਤੇ ਦੇ ਹੱਥ ਗਿੱਦੜ ਸਿੰਗੀ ਲੱਗ ਗਈ ਸੀ। ਉਸਦੀਆਂ ਅੱਖਾਂ ਗੁੱਝੀ ਹਾਸੀ ਹੱਸ ਰਹੀਆਂ ਸਨ।
‘ਸੱਚੀਂ ਸੋਂ ਖਾ’ ਓਧਰ ਵੀਰੋ ਨੂੰ ਜਿਵੇਂ ਚਾਅ ਚੜ੍ਹ ਗਿਆ ਸੀ। ਕਈ ਦਿਨਾਂ ਦੀ ਭਾਵੇਂ ਉਹ ਤਿਆਰੀ ਕਰ ਰਹੀ ਪਰ ਗੱਲ ਨਹੀਂ ਸੀ ਬਣ ਰਹੀ। ਪੁਰਾਣੀਆਂ ਬੋਲੀਆਂ ਦਾ ਬਹੁਤਾ ਨਜ਼ਾਰਾ ਨਹੀਂ ਬੱਝ ਰਿਹਾ ਸੀ। ਬੰਤੇ ਦੇ ਸਾਹ ਪਿਉਣ ਨਾਲ ਵੀਰੋ ਮੰਨ ਗਈ । ਆਂਡਣਾ ਗੁਆਂਢਣਾਂ ਨੂੰ ਲਇਜਾਕੇ ਉਸ ਨੇ ਖਿੱਚ ਕੇ ਕੰਮ ਨਬੇੜ ਦਿੱਤਾ।
ਵਿਆਹ ਜਾਣ ਤੋਂ ਦੋ ਦਿਨ ਪਹਿਲਾਂ ਸਾਰਾ ਕੰਮ ਪੂਰਾ ਹੋ ਗਿਆ। ਵੀਰੋ ਨੇ ਬੰਤੇ ਨੂੰ ਕਿਹਾ,’ਲੈ ਬੰਤਿਆ ਮੈਂ ਤਾਂ ਆਵਦੀ ਜਵਾਨ ਪੂਰੀ ਕਰ ਦਿੱਤੀ ਹੁਣ ਤੂੰ ਮੈਨੂੰ ਬੋਲੀਆਂ ਲਿਆ ਦੇ,,,ਦਿਨ ਦੋ ਹੀ ਰਹਿ ਗਏ।’
‘ਫ਼ਿਕਰ ਨਾ ਕਰ ਆਥਣ ਨੂੰ ਤੇਰੇ ਕੋਲ ਬੋਲੀਆਂ ਪਹੁੰਚ ਜਾਣਗੀਆਂ’ ਬੰਤੇ ਨੇ ਮੁੱਛ ਨੂੰ ਤਾਬ ਦਿੱਤਾ ਤੇ ਫੇਰ ਗੁੱਝੀ ਹਾਸੀ ਹੱਸ ਗਿਆ। ਉਸ ਨੂੰ ਵੀਰੋ ਦੀ ਕੀਤੀ ਮਸ਼ਕਰੀ ਯਾਦ ਆ ਗਈ ਸੀ।
ਵੀਰੋ, ਜਿਹੜੀ ਬੰਤੇ ਨੂੰ ਟਿੱਚ ਕਰਕੇ ਜਾਣਦੀ ਸੀ,ਅੱਜ ਬੇਬੱਸ ਜੀ ਖੜ੍ਹੀ ਸੀ।
ਬੋਲੀਆਂ ਵਾਲ਼ੀ ਪੀਪੀ
ਆਥਣੇ ਬੰਤਾ ਵੀਰੋ ਦੇ ਘਰ ਆਇਆ ਤੇ ਪੀਪੀ ਫੜਾ ਕੇ ਕਹਿੰਦਾ,ਇਸ ਵਿਚ ਬੋਲੀਆਂ ਏ, ਵੀਰੋ ਤੂੰ ਅੰਦਰ ਵੜ੍ਹ ਕੇ ਬੂਹਾ ਲਾ ਕੇ ਫੇਰ ਪੀਪੀ ਖੋਲ ਕੇ ਪਾਈ ਬੋਲੀਆਂ,,,ਬਾਕੀ,,, ਤੁਸੀਂ ਸਾਰੀਆਂ ਕੁੜੀਆਂ ਬਾਹਰੋਂ ਬੋਲੀਆਂ ਚੱਕੀ ਜਾਇਓ,,ਯਾਦ ਰੱਖਣਾ ਇਹ ਪੀਪੀ ਅੰਦਰ ਹੀ ਖੋਲ੍ਹਣੀ ਹੈਂ।” ਬੰਤਾ ਤਕੀਦ ਕਰਕੇ ਚਲਿਆ ਗਿਆ।
ਵੀਰੋ ਨੇ ਪੀਪੀ ਨੂੰ ਗੌਰ ਨਾਲ ਦੇਖਿਆ ਤੇ ਫੇਰ ਵੀਰੋ ਨੇ ਉਵੇਂ ਹੀ ਕੀਤਾ,,, ਅੰਦਰ ਜਾ ਕੇ ਬੂਹਾ ਲਾ ਲਿਆ। ਸਾਰੀਆਂ ਕੁੜੀਆਂ ਵੀ ਬੋਲੀ ਦਾ ਜਬਾਬ ਦੇਣ ਲਈ ਤਿਆਰ ਹੋ ਗਈਆਂ।
…ਜਦੋਂ ਵੀਰਾਂ ਨੇ ਪੀਪੀ ਵਿੱਚ ਹੱਥ ਪਾਇਆ ਤਾਂ ਪੀਪੀ ਵਿਚਲੀਆਂ ਮਖਿਆਲ ਦੀਆਂ ਮੱਖੀਆਂ ਤੇ ਭਰਿੰਡਾਂ ਉਸ ਦੇ ਲੜ ਗਈਆਂ,,,ਓਹਦੀ ਚੀਕ ਨਿਕਲ ਗਈ ,,,ਚੀਕਦੇ ਹੋਏ ਉਸਦੇ ਮੂੰਹੋਂ ਨਿਕਲਿਆ-
‘ਤੋੜ ਤੁੰਬ ਖ਼ਾਲੀ ਨੀ ਭੈਣੋਂ ਤੋੜ ਤੁੰਬ ਖ਼ਾਲੀ’
ਜਿਵੇਂ ਵੀਰੋ ਅੰਦਰ ਤੜਫ ਕੇ ਬੋਲ ਰਹੀ ਸੀ, ਬਾਹਰ ਕੁੜੀਆਂ ਨੇ ਉਹਨਾਂ ਨੂੰ ਬੋਲੀ ਬਣਾ ਕੇ ਇੰਝ ਚੁੱਕਿਆ:
‘ਤੋੜ ਤੁੰਬ ਖ਼ਾਲੀ ਨੀ ਭੈਣੋਂ, ਤੋੜ ਤੁੰਬ ਖ਼ਾਲੀ!‘ (ਉਹਨਾਂ ਨੇ ਇਸ ਨੂੰ ਬੋਲੀ ਸਮਝ ਲਿਆ)
ਜਦੋਂ ਵੀਰੋ ਦੇ ਮੱਖੀਆਂ ਲੜੀਆਂ ਤਾਂ ਓਹ ਫੇਰ ਕੁਰਲਾ ਉੱਠੀ :
‘ਏਥੇ ਮਾਖਾ ਲੜਿਆ ਨੀ ਮੇਰੇ, ਏਥੇ ਮਾਖਾ ਲੜਿਆ!’
ਕੁੜੀਆਂ ਬਾਹਰੋਂ:
‘ਏਥੇ ਮਾਖਾ ਲੜਿਆ ਨੀ ਮੇਰੇ, ਏਥੇ ਮਾਖਾ ਲੜਿਆ!’
ਵੀਰੋ (ਦਰਦ ਵਿੱਚ):
‘ਮੈਨੂੰ ਜ਼ਹਿਰ ਚੜ੍ਹਿਆ ਨੀ ਮੈਨੂੰ ਜ਼ਹਿਰ ਚੜ੍ਹਿਆ!’
ਕੁੜੀਆਂ (ਚਾਅ ਵਿੱਚ):
‘ਮੈਨੂੰ ਜ਼ਹਿਰ ਚੜ੍ਹਿਆ ਨੀ ਮੈਨੂੰ ਜ਼ਹਿਰ ਚੜ੍ਹਿਆ!‘
ਵੀਰੋ ਨੂੰ ਸਮਝ ਆ ਗਈ ਸੀ ਕਿ ਬੰਤੇ ਨੇ ਪੁਰਾਣਾ ਬਦਲਾ ਲਿਆ ਹੈ, ਤਾਂ ਉਹ ਰੋਂਦੀ ਹੋਈ ਬੋਲੀ:
‘ਜਾਂਦਾ ਜਾਂਦਾ ਦੇ ਗਿਆ ਨੀ ਠੂਠਾ ਖੜਕਾਉਣ ਨੂੰ,
ਮੈਂ ਕਿਵੇਂ ਹੱਸਾਂ ਨੀ ਮੇਰਾ ਚਿੱਤ ਕਰੇ ਰੋਣ ਨੂੰ!’
ਕੁੜੀਆਂ ਨੇ ਫੇਰ ਬੋਲੀ ਚੱਕ ਲਈ:
‘ਜਾਂਦਾ ਜਾਂਦਾ…’
ਵੀਰੋ ਫੇਰ ਕੁਰਲਾਉਂਦੀ ਹੋਈ ਬੋਲੀ;
‘ਪੁੱਠਾ ਪੰਗਾ ਲੈ ਲਿਆ ਨੀ ਮੈਂ ਪੁੱਠਾ ਪੰਗਾ ਲੈ ਲਿਆ,
ਛੜਾ ਛੇੜ ਕੇ ਨੀ ਮੈਂ ਪੁੱਠਾ ਪੰਗਾ ਲੈ ਲਿਆ।’
ਬਾਹਰੋਂ ਆਵਾਜਾਂ ਹੋਰ ਉੱਚੀਆਂ ਹੋ ਗਈਆਂ। ਗਿੱਧਾ ਹੋਰ ਤੇਜ ਹੋ ਗਿਆ।
ਮੱਖੀਆਂ ਤੇ ਭਰਿੰਡਾਂ ਲੜਣ ਨਾਲ ਵੀਰੋ ਸੁੱਝ ਗਈ। ਉਸ ਦੇ ਮੂੰਹੋ ਫੇਰ ਨਿਕਲਿਆ ,,,,
‘ਸੁੱਜ ਭੜੋਲਾ ਹੋਈਏ ਨੀ ਭੈਣੋ ਸੁੱਜ ਭੜੋਲਾ ਹੋਈ’
ਬਾਹਰੋਂ ਕੁੜੀਆਂ:
‘ਸੁੱਜ ਭੜੋਲਾ ਹੋਈਏ ਨੀ ਭੈਣੋ ਸੁੱਜ ਭੜੋਲਾ ਹੋਈ’
ਵੀਰੋ;
‘ਜਿੰਦ ਮੇਰੀ ਮੋਈ ਨੀ ਭੈਣੋ ਜਿੰਦ ਮੇਰੀ ਮੋਈ….‘
ਕੁੜੀਆਂ;
‘ਜਿੰਦ ਮੇਰੀ ਮੋਈ ਨੀ ਭੈਣੋ ਜਿੰਦ ਮੇਰੀ ਮੋਈ…’
ਬਾਹਰ ਗਿੱਧੇ ਦਾ ਮਹੌਲ ਮਘ ਗਿਆ ਸੀ ਗਿੱਧੇ ਦੇ ਨਾਲ ਨਾਲ ਬੂਹੇ ਬਰੀਆਂ ਵੀ ਜ਼ੋਰਾਂ ਨਾਲ ਖੜਕਾਈਆਂ ਜਾਣ ਲਗੀਆਂ।
ਫੇਰ ਅੰਦਰੋਂ ਅਵਾਜ ਬੰਦ ਹੋ ਗਈ,,, ਬਾਹਰੋਂ ਆਵਾਜਾਂ ਲਾਈਆਂ,,,ਬੂਹਾ ਖੜਕਾਇਆ,,,ਪਰ ਕੋਈ ਜਵਾਬ ਨਹੀਂ,,,ਅਖੀਰ ਚੂਲ ਲਾਹ ਕੇ ਬੂਹਾ ਖੋਲਿਆ,,,ਤਾਂ ਕੀ ਦੇਖਦੇ ਆ! ਵੀਰੋ ਫ਼ਰਸ਼ ਤੇ ਨੀਮਬੇਹੋਸ਼ੀ ਦੀ ਹਾਲਤ ਵਿੱਚ ਪਈ ਸੀ ਤੇ ਉਸ ਦਾ ਸਰੀਰ ਮੱਖੀਆਂ-ਭਰਿੰਡਾਂ ਲੜਨ ਨਾਲ ਸੁੱਜ ਕੇ ਭੜੋਲਾ ਹੋਇਆ ਪਿਆ ਸੀ।
ਥੋੜੀ ਦੇਰ’ਚ ਬੰਤਾ ਵੀ ਗੁਰਮੁੱਖ ਵੈਦ ਨੂੰ ਲੈ ਆਇਆ ਸੀ। ਵੀਰੋ ਨੂੰ ਆਪਣੀ ਕੀਤੀ ਮਸ਼ਕਰੀ ਅੱਜ ਭਾਰੀ ਪੈ ਗਈ ਸੀ।
ਵੀਰੋ ਨੇ ਕੰਨਾਂ ਨੂੰ ਹੱਥ ਲਾ ਲਏ ਮੁੜਕੇ ਕਦੇ ਕਿਸੇ ਨੂੰ ਮਜਾਕ ਨੀ ਕਰਦੀ।
ਬੇਬੇ ਬਾਤ ਮੁਕਾਉਂਦੇ ਹੋਏ ਕਹਿੰਦੇ ,,,ਮਸ਼ਕਰੀ ਮੋਹ ਭਰਿਆ ਮਖੌਲ ਹੁੰਦਾ ਏ,,,ਇਹ ਨੀ ਹੁੰਦਾ ਕਿ ਕਿਸੇ ਹਾਸੀ ਤੇ ਕਿਸੇ ਦੀ ਜਾਨ ਤੇ ਬਣ ਜਾਵੇ। ਮਸ਼ਕਰੀ ਤਾਂ ਭਾਈ ਰਾਹ ਰਾਹ ਸਿਰ ਦੀ ਹੁੰਦੀ ਏ,,,ਤੇ ਬਾਤ ਆਪਣਾ ਸੁਨੇਹਾ ਦੇਕੇ ਮੁਕ ਜਾਂਦੀ।

Pingback: ਦੁੱਲਾ ਭੱਟੀ (Dullah Bhatti): The Lion of Sandal Bar -