Add Your Heading Text Here
Ghar Da Waris
Andh Vishwas ਅਤੇ Fake babas ਉੱਤੇ ਤਿੱਖੀ Punjabi Samajik Kahani
Ghar da waris ਇੱਕ ਦਿਲ ਨੂੰ ਝੰਝੋੜ ਦੇਣ ਵਾਲੀ Punjabi Samajik Kahani ਹੈ, ਜੋ ਪਿੰਡਾਂ ਵਿੱਚ ਡੂੰਘੀ ਜੜ੍ਹਾਂ ਪਾਏ Andhvishwas, fake babas ਅਤੇ ਧੀ-ਪੁੱਤਰ ਦੇ ਭੇਦਭਾਵ (Sex discrimination) ਉੱਤੇ ਕਰਾਰਾ ਵਾਰ ਕਰਦੀ ਹੈ।
ਅੱਜ ਵੀ ਸਾਡੇ ਸਮਾਜ ਵਿੱਚ “ਘਰ ਦਾ ਵਾਰਿਸ ਮੁੰਡਾ ਹੀ ਹੁੰਦਾ ਹੈ” ਜਿਹੀ ਸੋਚ ਇੱਕ ਔਰਤ ਦੀ ਜ਼ਿੰਦਗੀ ਨੂੰ ਅੰਦਰੋਂ-ਅੰਦਰ ਤੋੜ ਦਿੰਦੀ ਹੈ। ਇਹ ਕਹਾਣੀ ਉਸੇ ਦਰਦ, ਉਸੇ ਦਬਾਅ ਅਤੇ ਉਸੇ ਪਾਖੰਡ ਦੀ ਸੱਚੀ ਤਸਵੀਰ ਹੈ।
ਜਦੋਂ ਧਰਮ ਦੇ ਨਾਂ ‘ਤੇ ਠੱਗੀ ਹੋਵੇ ਅਤੇ ਸ਼ਰਧਾ ਦੇ ਨਾਂ ‘ਤੇ ਧੀਆਂ ਦੀ ਇੱਜ਼ਤ ਨਾਲ ਖੇਡਦਾ ਹੋਵੇ, ਓਦੋਂ ਜੋਰੇ ਵਰਗੇ ਸਧਾਰਣ ਇਨਸਾਨ ਅੰਨ੍ਹੀ ਸ਼ਰਧਾ (blind faith) ਦੀ ਕੰਧ ਤੋੜਦੇ ਨਜ਼ਰ ਆਉਂਦੇ ਹੈ।
ਪੇਸ਼ ਹੈ ਸੱਚੀ ਘਟਨਾ ਤੋਂ ਪ੍ਰੇਰਿਤ ਕਹਾਣੀ
‘Ghar Da Waris’
“ਜਿਸ ਘਰ ਵਿੱਚ ਧੀਆਂ ਹੁੰਦੀਆਂ ਨੇ, ਉਹ ਘਰ ਕਦੇ ਖਾਲੀ ਨਹੀਂ ਹੁੰਦਾ।
ਪਰ ਜਿੱਥੇ ਅੰਧ ਵਿਸ਼ਵਾਸ ਵੱਸ ਜਾਵੇ, ਉੱਥੇ ਰੱਬ ਵੀ ਪਰਾਇਆ ਹੋ ਜਾਂਦਾ ਹੈ…”
ਜੀਤੋ ਦਾ ਦੁੱਖ

ਜੀਤੋ ਦੀਆਂ ਅੱਖਾਂ ਦੇ ਹੰਝੂ ਸੁੱਕਣ ਦਾ ਨਾਮ ਨਹੀਂ ਸੀ ਲੈ ਰਹੇ। ਚੌਥੀ ਵਾਰ ਫਿਰ ਧੀ! ਉਸ ਨੂੰ ਆਪਣੀ ਕੁੱਖ ‘ਤੇ ਗੁੱਸਾ ਆ ਰਿਹਾ ਸੀ। ਗੁਆਂਢਣਾਂ ਗੱਲਾਂ ਕਰਦੀਆਂ, “ਜੀਤੋ, ਭਾਗਾਂ ਵਾਲੀ ਏਂ ਤੂੰ, ਲਕਸ਼ਮੀਆਂ ਆਈਆਂ ਨੇ ਤੇਰੇ ਘਰ,”
ਪਰ ਜੀਤੋ ਨੂੰ ਇਹ ਦਿਲਾਸੇ, ਦਿਲਾਸੇ ਨਹੀਂ, ਸਗੋਂ ਤਾਅਨੇ ਜਾਪਦੇ। ਉਸ ਨੂੰ ਲੱਗਦਾ ਜਿਵੇਂ ਉਹ ਇਸ ਮਰਦ-ਪ੍ਰਧਾਨ ਸਮਾਜ ਵਿੱਚ ਇੱਕ ਅਧੂਰੀ ਔਰਤ ਹੈ।
ਉਸ ਦਾ ਮਨ ਅੰਦਰੋਂ-ਅੰਦਰ ਕਿਸੇ ਹਨੇਰੀ ਖੱਡ ਵਿੱਚ ਡਿੱਗ ਰਿਹਾ ਹੁੰਦਾ। ‘ਮੈਂ ਘਰ ਦਾ ਵਾਰਿਸ ਨੀ ਦੇ ਸਕੀ’ ਉਹ ਆਪਣੇ ਆਪ ਨੂੰ ਕੋਸਦੀ ਰਹਿੰਦੀ।
ਦੁਆਲੇ ਬੈਠੀ ਕੁੜੀਆਂ ਦੀ ਡਾਰ ਉਸਨੂੰ ਹੋਰ ਵੀ ਚੁੱਭਦੀ। ਇੱਕ ਔਰਤ ਨੂੰ ਧੀ ਹੋਣ ਦੀ ਤਕਲੀਫ਼ ਸ਼ਾਇਦ ਇਸ ਕਰਕੇ ਵੀ ਜ਼ਿਆਦਾ ਹੁੰਦੀ ਏ, ਜਿਹੜੀਆਂ ਜ਼ੰਜੀਰਾਂ ਨੇ ਉਸ ਦੇ ਜੀਵਨ ਬੰਨ ਰੱਖਿਆ ਹੈ ਉਨ੍ਹਾਂ ਜੰਜੀਰਾਂ’ਚ ਜਕੜਨ ਲਈ ਹੋਰ ਜੰਮ ਪਈਆਂ।
ਘਰ ਦਾ ਵਾਰਿਸ
ਜੀਤੋ ਦੀ ਗੁਆਂਢਣ ਭਾਨੋ ਦੀ ਸੋਚ ਬਾਕੀ ਗੁਆਂਢਣਾਂ ਨਾਲੋਂ ਵੱਖਰੀ ਸੀ। ਉਹ ਮੁੰਡੇ ਉੱਤੇ ਹੀ ਜ਼ੋਰ ਦਿੰਦੀ ਸੀ। ਉਹਦਾ ਮੰਨਣਾ ਸੀ ਕਿ ਕੁੜੀਆਂ ਤਾਂ ‘ਬੇਗਾਨਾ ਧਨ’ ਹੁੰਦੀਆਂ ਨੇ ਤੇ ਘਰ ਦਾ ਵਾਰਿਸ ਤਾਂ ਮੁੰਡਾ ਹੀ ਹੁੰਦਾ ਹੈ।
ਉਹ ਜੀਤੋ ‘ਤੇ ਜ਼ੋਰ ਪਾਉਂਦੀ ਕਿ, “ਮੈਂ ਤੈਨੂੰ ਟਿੱਬੇ ਵਾਲੇ ਬਾਬੇ ਕੋਲ ਲੈ ਕੇ ਜਾਊਂ। ਉਸ ਬਾਬੇ ਦਾ ਝੋਲੀ ਪਾਇਆ ਫ਼ਲ ਆਹਲ਼ਾ (ਖਾਲੀ) ਨੀ ਜਾਂਦਾ,,, ਮੁੰਡਾ ਹੀ ਹੁੰਦਾਂ ਹੈ। ਸਾਡੇ ਤਾਂ ਰਿਸ਼ਤੇਦਾਰੀਆਂ ਚੋ ਕਈਆ ਨੇ ਬਾਬੇ ਤੋਂ ਸਿਰ ਤੇ ਹੱਥ ਰਖਾਇਆ। ਸਾਰੀਆਂ ਕੋਲ ਮੁੰਡੇ ਹੈ”
ਭਾਨੋ ਜਦੋਂ ਟਿੱਬੇ ਵਾਲੇ ਬਾਬੇ ਦਾ ਨਾਂ ਲੈਂਦੀ ਤੇ ਮਟਕ-ਮਟਕ ਗੱਲਾਂ ਦਸਦੀ ਤਾਂ ਜੀਤੋ ਦੇ ਮਨ ਨੂੰ ਜਿਵੇਂ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਮਿਲ ਜਾਂਦਾ। ਜੀਤੋ ਨੂੰ ਜਾਪਦਾ ਬਾਬੇ ਦੇ ਅਸ਼ੀਰਵਾਦ ਨਾਲ ਉਸ ਦਾ ਪੂਰੀ ਔਰਤ ਹੋਣਾ ਦਾ ਸੁਪਨਾ ਪੂਰਾ ਹੋ ਜਾਵੇਗਾ।
ਭਾਨੋ ਨੇ ਤਾਂ ਨਵੀਂ ਜੰਮੀ ਕੁੜੀ ਤੋਂ ਪਹਿਲਾਂ ਵੀ ਰੌਲਾ ਪਾਇਆ ਸੀ ਕਿ ਬਾਬੇ ਤੋਂ ਮੁੰਡੇ ਦਾ ਫ਼ਲ ਝੋਲੀ ਪਵਾ ਲਿਉਂਦੇ ਆਂ, ਪਰ ਉਦੋਂ ਜੀਤੋ ਦੀ ਵਾਹ ਨਾ ਚੱਲੀ। ਵਾਹ ਚਲਦੀ ਕਿੱਥੇ? ਜ਼ੋਰੇ ਕੋਲ? ਜੋਰਾ ਤਾਂ ‘ਪੱਥਰ‘ ਸੀ।
ਜਦੋਂ ਜੀਤੋ ਨੇ ਉਸ ਅੱਗੇ ਵਾਸਤਾ ਪਾਇਆ, ਤਾਂ ਜੋਰਾ ਗਰਜਿਆ, “ਕੁੜੀ-ਮੁੰਡਾ ਰੱਬ ਦੀ ਦਾਤ ਹੈ ਜੀਤੋ, ਇਹਨਾਂ ਪਾਖੰਡੀਆਂ ਦੇ ਹੱਥ ਬੱਸ ਕੁੱਝ ਨਹੀਂ ਹੁੰਦਾ,,, ਭੋਲੀਏ ਇਹ ਬਹੁਤੇ ਲੁਟੇਰੇ ਹੀ ਹੁੰਦੇ ਨੇ”
ਪਰ ਜੀਤੋ ਨੇ ਰੋ-ਰੋ ਕੇ ਬੁਰਾ ਹਾਲ ਕਰ ਲਿਆ, “ਜੇ ਇਸ ਵਾਰ ਵੀ ਤੁਸੀਂ ਨਾ ਗਏ, ਤਾਂ ਮੈਂ ਆਪਣੀ ਜਾਨ ਦੇ ਦੇਵਾਂਗੀ! ਮੈਨੂੰ ਘਰ ਦਾ ਵਾਰਿਸ ਚਾਹੀਦਾ ਹੈ।”
ਟਿੱਬੇ ਵਾਲਾ ਡੇਰਾ
ਇਸ ਵਾਰ ਕੁੜੀ ਹੋਣ ਨਾਲ ਘਰ ਵਿੱਚ ਉਦਾਸੀ ਛਾ ਗਈ। ਜੀਤੋ ਦੀਆਂ ਸਿਸਕੀਆਂ ਅਤੇ ਭਾਨੋ ਦੇ ਵਾਰ-ਵਾਰ ਪਾਏ ਦਬਾਅ ਅੱਗੇ ਅਖੀਰ ਜੋਰੇ ਨੂੰ ਨੀਮਾ ਹੋਣਾ ਪੈ ਗਿਆ। ਸੋਚਿਆ ਕਿ ਚੱਲੋ, ਇੱਕ ਵਾਰ ਜਾ ਕੇ ਇਹਨਾਂ ਦਾ ਵਹਿਮ ਕੱਢਵਾ ਹੀ ਲਿਉਂਦੇ ਆਂ।
ਵੀਰਵਾਰ ਨੂੰ ਭਾਨੋ ਸਵਖਤੇ ਹੀ ਤਿਆਰ ਹੋ ਕੇ ਆ ਗਈ। ਜੀਤੋ ਪਹਿਲਾਂ ਹੀ ਤਿਆਰ ਸੀ। ਜੋਰਾ ਖੇਤ ਗੇੜਾ ਮਾਰ ਆਇਆ ਸੀ। ਜੀਤੋ ਨੇ ਪਹਿਲਾਂ ਹੀ ਗੁਸਲਖਾਨੇ ਵਿੱਚ ਪਾਣੀ ਰੱਖਕੇ ਜੋਰੇ ਦੇ ਕਪੜੇ ਵੀ ਕੱਢੇਤੇ ਸੀ। ਖੇਤੋਂ ਆ ਕੇ ਜੋਰਾ ਵੀ ਨ੍ਹਾ ਕੇ ਤਿਆਰ ਹੋ ਗਿਆ,,,ਕੁੜਤੇ ਨਾਲ ਚਾਦਰਾ ਲਾ ਲਿਆ ਤੇ ਪੱਗ ਉਸ ਨੇ ਤੁਰੇ ਜਾਂਦੇ ਹੀ ਬੰਨ੍ਹ ਲਈ।
ਢਾਈ ਕੁ ਘੰਟੇ ਦੇ ਪੈਦਲ ਸਫ਼ਰ ਤੋਂ ਬਾਅਦ ਉਹ ‘ਟਿੱਬੇ ਵਾਲੇ ਬਾਬੇ’ ਦੇ ਡੇਰੇ ਪਹੁੰਚ ਗਏ। ਇਹ ਡੇਰਾ ਉਹਨਾਂ ਦੇ ਪਿੰਡ ਤੋਂ ਕੁੱਝ ਪਿੰਡਾਂ ਦੀ ਦੂਰੀ ਤੇ ਸੀ।
ਮੁੰਡੇ ਬਖਸ਼ਣ ਵਾਲਾ ਬਾਬਾ
ਟਿੱਬੇ ਵਾਲੇ ਬਾਬੇ ਦਾ ਇਲਾਕੇ ਵਿੱਚ ਬੜਾ ਨਾਮ ਸੀ। ਬਾਬਾ ਨੂੰ ਲੋਕ ਮੁੰਡੇ ਬਖਸ਼ਣ ਵਾਲਾ ਬਾਬਾ ਕਰਕੇ ਜ਼ਿਆਦਾ ਜਾਣਦੇ ਸੀ। ਔਲਾਦ ਦੀ ਲੋੜ ਹਰ ਵਿਆਹੇ ਜੋੜੇ ਨੂੰ ਹੁੰਦੀ ਹੈ ਖਾਸ ਕਰਕੇ ਮੁੰਡੇ ਦੀ ਤੇ ਇਹੀ ਲੋੜ ਉਹਨਾਂ ਨੂੰ ਟਿੱਬੇ ਵਾਲੇ ਬਾਬੇ ਦੇ ਦਰ ‘ਤੇ ਖਿੱਚ ਲਿਉਂਦੀ ਸੀ।
ਜਦੋਂ ਉਹ ਡੇਰੇ ਪਹੁੰਚੇ, ਤਾਂ ਮਾਹੌਲ ਬੜਾ ਭਾਰੀ ਸੀ। ਬਾਬਾ ਧੂਣੇ ਦੇ ਅੱਗੇ ਅੱਖਾਂ ਮੀਟ ਕੇ ਬੈਠਾ ਸੀ। ਧੂਣੇ ਵਿੱਚੋਂ ਨਿਕਲਦਾ ਕਾਲਾ ਧੂੰਆਂ ਉਸ ਦੇ ਚਿਹਰੇ ‘ਤੇ ਅਜੀਬ ਜਿਹਾ ਪਰਛਾਵਾਂ ਪਾ ਰਿਹਾ ਸੀ। ਉਹ ਆਪਣੇ ਹੱਥਾਂ ਨਾਲ ਧੂਣੇ ਦੀ ਸਵਾਹ ਨੂੰ ਹਵਾ ਵਿੱਚ ਉਡਾ ਰਿਹਾ ਸੀ, ਜਿਵੇਂ ਕੋਈ ਜਾਦੂ-ਟੂਣਾ ਕਰ ਰਿਹਾ ਹੋਵੇ। ਜਿਉਂ ਹੀ ਇਹ ਤਿੰਨੋਂ ਅੰਦਰ ਵੜੇ, ਬਾਬੇ ਨੇ ਅੱਖਾਂ ਖੋਲ੍ਹੀਆਂ। ਉਸ ਦੀਆਂ ਅੱਖਾਂ ਵਿੱਚ ਭਗਤੀ ਨਹੀਂ, ਸਗੋਂ ਇੱਕ ਅਜੀਬ ਜਿਹੀ ਸ਼ਿਕਾਰੀ ਚਮਕ ਸੀ।
ਉਹਨਾਂ ਨੇ ਜਾ ਬਾਬੇ ਨੂੰ ਫਤਿਹ ਬੁਲਾਈ। ਭਾਨੋ ਨੇ ਤਾਂ ਨੇੜੇ ਹੋ ਕੇ ਬਾਬੇ ਦੇ ਗੋਡੀ ਹੱਥ ਵੀ ਲਾਇਆ ਤੇ ਨਾਲੇ ਜੀਤੋ ਨੂੰ ਵੀ ਓਵੇਂ ਕਰਨ ਨੂੰ ਕਿਹਾ। ਜ਼ੋਰਾ ਉਵੇਂ ਹੀ ਖੜਾ ਰਿਹਾ।
ਬਾਬੇ ਨੇ ਜੀਤੋ ਵੱਲ ਇੱਕ ਨਜ਼ਰ ਭਰ ਕੇ ਦੇਖਿਆ।ਜੀਤੋ ਦਾ ਦਿਲ ਘਬਰਾ ਰਿਹਾ ਸੀ। ਬਾਬੇ ਨੇ ਇਸ਼ਾਰੇ ਨਾਲ ਉਹਨਾਂ ਨੂੰ ਧੂਣੇ ਦੇ ਨੇੜੇ ਬਿਠਾ ਲਿਆ ਤੇ ਜੋਰੇ ਨੂੰ ਬਾਹਰ ਜਾਣ ਦਾ ਇਸ਼ਾਰਾ ਕੀਤਾ। ਬਾਬੇ ਦਾ ਸੇਵਾਦਾਰ ਜੋਰੇ ਨੂੰ ਬਾਹਰ ਲੈ ਗਿਆ, ਨਿੰਮ ਥੱਲੇ ਬਣੇ ਚਬੂਤਰੇ ਤੇ ਬੈਠਣ ਲਈ ਕਿਹਾ।
ਕੁੱਝ ਦੇਰ ਬਾਅਦ ਉਹੀ ਸੇਵਾਦਾਰ ਜੋਰੇ ਸਾਮ੍ਹਣੇ ਇੱਕ ਖਾਲੀ ਗਲਾਸ ਰੱਖ ਗਿਆ ਤੇ ਅੰਦਰ ਚਲਾ ਗਿਆ। ਜੋਰੇ ਨੇ ਸੋਚਿਆ ਸ਼ਾਇਦ ਉਹ ਕੁੱਝ ਚਾਹ ਪਾਣੀ ਲੈਣ ਗਿਆ ਹੈ ਛਕਾਉਣ ਲਈ, ਪਰ ਉਹ ਵਾਪਸ ਨਾ ਆਇਆ ਤੇ ਗਲਾਸ ਖਾਲੀ ਦਾ ਖਾਲੀ ਪਿਆ ਰਿਹਾ।
ਦਾਤ ਦਾ ਫ਼ਲ
ਉਸੇ ਸਮੇਂ ਦੋ ਔਰਤਾਂ ਡੇਰੇ ਆਈਆਂ ਇੱਕ ਨਵੀਂ ਵਿਆਹੀ ਮੁਟਿਆਰ ਤੇ ਇੱਕ ਵਡੇਰੀ ਉਮਰ ਦੀ। ਸ਼ਾਇਦ ਉਹ ਸੱਸ ਨੂੰਹ ਸਨ। ਸੇਵਾਦਾਰ ਨੇ ਜਾ ਬਾਬੇ ਨੂੰ ਸੁਨੇਹਾ ਲਾਇਆ ਬਾਬਾ ਆਪ ਉੱਠ ਕੇ ਉਹਨਾਂ ਕੋਲ਼ ਆਇਆ । ਬਾਬੇ ਦੇ ਬਾਹਰ ਆਉਂਦਿਆਂ ਹੀ ਉਹਨਾਂ ਨੇ ਬਾਬੇ ਦੇ ਗੋਡੀਂ ਹੱਥ ਲਾਇਆ।
“ਬਾਬਾ ਜੀ ਕਿਰਪਾ ਕਰੋ…”ਵਡੇਰੀ ਔਰਤ ਨੇ ਕਹਿਣਾ ਸ਼ੁਰੂ ਕੀਤਾ, “ਕੁੱਖ ਸੁਲਖਣੀ ਹੋਵੇ।”
ਬਾਬਾ: (ਅੱਖਾਂ ਮੀਚ ਕੇ, ਗੰਭੀਰ ਆਵਾਜ਼ ਵਿੱਚ) “ਭਾਈ, ਗ੍ਰਹਿਆਂ ਦੀ ਚਾਲ ਬੜੀ ਟੇਢੀ ਹੈ। ਨੂੰਹ ਦੀ ਕਿਸਮਤ ‘ਤੇ ਕਾਲੇ ਬੱਦਲਾਂ ਦਾ ਪਹਿਰਾ ਹੈ, ਤਾਂ ਹੀ ਤਾਂ ਖੁਸ਼ੀਆਂ ਦੇ ਫਲ ਪੁੰਗਰ ਨਹੀਂ ਰਹੇ।”
ਵਡੇਰੀ ਔਰਤ: (ਹੱਥ ਜੋੜ ਕੇ) “ਬਾਬਾ ਜੀ, ਸਭ ਸੋਡੇ ਹੱਥ ਬੱਸ ਹੈ… ਕੋਈ ਟੇਵਾ ਲਾਓ, ਕੋਈ ਕਿਰਪਾ ਕਰੋ,,,ਦੋ ਪੋਤਰੀਆਂ ਨੇ, ਬਾਬਾ ਜੀ ,ਕੋਈ ਘਰ ‘ਚ ਦੀਵਾ ਜਗਾਉਣ ਵਾਲਾ ਵੀ ਬਖ਼ਸ਼ੋ।“
ਬਾਬਾ: (ਨੂੰਹ ਵੱਲ ਤਿੱਖੀ ਨਜ਼ਰ ਮਾਰਦਿਆਂ) “ਦੀਵੇ ਤਾਂ ਜਗ ਪੈਣਗੇ ਮਾਈ, ਪਰ ਤੇਲ ਸ਼ਰਧਾ ਦਾ ਪਾਉਣਾ ਪੈਣਾ। ਇਹਦੇ ਨਸੀਬਾਂ ਦੀ ਗੰਢ ਬੜੀ ਗੁੰਝਲਦਾਰ ਹੈ, ਇਹ ਆਮ ਝਾੜ-ਫੂਕ ਨਾਲ ਨਹੀਂ ਖੁੱਲ੍ਹਣੀ।”
ਵਡੇਰੀ ਔਰਤ: “ਬਾਬਾ ਜੀ, ਜਿਵੇਂ ਤੁਸੀਂ ਮੇਰਾ ਬੇੜਾ ਪਾਰ ਲਾਇਆ ਸੀ, ਹੁਣ ਇਹਦੀ ਝੋਲੀ ਵੀ ਭਰ ਦਿਓ। ਜੋ ਬਾਬਾ ਜੀ ਕਹਿਣਗੇ, ਉਹੀ ਕਰਾਂਗੇ।”
ਬਾਬਾ: (ਧੀਮੀ ਅਤੇ ਭੇਤਭਰੀ ਆਵਾਜ਼ ਵਿੱਚ) “ਡੇਰੇ ਦੀ ਮਰਿਆਦਾ ਕਹਿੰਦੀ ਹੈ ਕਿ ਜੇ ਫਲ ਪੂਰਾ ਚਾਹੀਦਾ ਹੈ, ਤਾਂ ਜੜ੍ਹ ਨੂੰ ਸੀਚਨਾ ਪੈਂਦਾ ਹੈ। ਕੁੜੀ ਨੂੰ ਇੱਥੇ ਰਹਿ ਕੇ ‘ਰਾਤ ਦੀਆਂ ਚੌਂਕੀਆਂ’’ ਭਰਨੀਆਂ ਪੈਣਗੀਆਂ। ਜਦੋਂ ਤੱਕ ਬਾਬਿਆਂ ਦੀ ਸਵੱਲੀ ਨਜ਼ਰ ਨਹੀਂ ਪੈਂਦੀ, ਉਦੋਂ ਤੱਕ ਬਰਕਤ ਨਹੀਂ ਹੋਣੀ। ਨਾਲੇ ਮਾਈ ਤੈਨੂੰ ਤਾਂ ਡੇਰੇ ਦੀ ਮਰਿਯਾਦਾ ਪਤਾ ਹੀ ਹੈ।”
“ਜੀ ਬਾਬਾ ਜੀ” ਵਡੇਰੀ ਉਮਰ ਦੀ ਔਰਤ ਨੇ ਬਾਬਾ ਦੀ ਹਾਂ ਚ ਹਾਂ ਭਾਰੀ।
“ਰਾਤ ਦੇ ਹਨੇਰਿਆਂ ਵਿੱਚ ਧੂੰਏ ਧਾਪਣੇ ਪੈਣੇ ਏ,,,” ਬਾਬੇ ਨੇ ਗੱਲ ਜਾਰੀ ਰੱਖੀ,”ਇਕੱਲਿਆਂ ਬਹਿ ਕੇ ਪਾਠ ਹੋਣੇ ਏ, ਤਾਂ ਹੀ ਕਰਮਾਂ ਦੀ ਮੈਲ ਧੋਤੀ ਜਾਊ। ਫੇਰ ਹੀ ਮੁੰਡੇ ਦੀ ਦਾਤ ਝੋਲੀ ਪਾਈ। ਇੱਕਾਂਤ ਵਿੱਚ ਹੀ ਸ਼ਕਤੀਆਂ ਕੰਮ ਕਰਦੀਆਂ”
ਵਡੇਰੀ ਔਰਤ: “ਜੀ ਬਾਬਾ ਜੀ, ਜਿਵੇਂ ਤੁਹਾਡੀ ਆਗਿਆ।”
ਬਾਬੇ ਦੇ ਚਿਹਰੇ ‘ਤੇ ਫੈਲੀ ਉਹ ਹਵਸ ਭਰੀ ਮੁਸਕਰਾਹਟ ਵਿੱਚੋਂ ਬਾਬੇ ਦੀ ਨਿਯਤ ਸਾਫ ਝਲਕ ਰਹੀ ਸੀ। ਬਾਬੇ ਦੇ ਕਹੇ ਸ਼ਬਦ ਜੋਰੇ ਦੇ ਕੰਨਾਂ ਵਿੱਚ ਕਿਸੇ ਗਰਮ ਸਲਾਖ ਵਾਂਗ ਚੁਭ ਗਏ ਸੀ। ਉਹ ਸਾਰਾ ਮਹੌਲ ਤਾੜ ਗਿਆ ਸੀ।
ਰਾਤ ਦੀਆਂ ਚੌਂਕੀਆਂ ਸੁਣ ਕੇ ਤਾਂ ਜੀਤੋ ਦਾ ਦਿਲ ਵੀ ਡੁੱਬਣ ਲੱਗਾ ਸੀ, ਭਾਨੋ ਜੀਤੋ ਵੱਲ ਦੇਖਦੀ ਹੈ ਤੇ ਮੋਢੇ ਤੇ ਹੱਥ ਰੱਖ ਕੇ ਜਿਵੇਂ ਕਹਿ ਰਹੀ ਹੋਵੇ ‘ਮੈਂ ਤੇਰੇ ਨਾਲ ਹਾਂ ਕੁੜੇ’
ਖ਼ਾਲੀ ਗਿਲਾਸ

ਭਾਵੇਂ ਬਾਬਾ ਔਰਤਾਂ ਨਾਲ ਹੌਲੀ ਹੌਲ਼ੀ ਗੱਲਾਂ ਕਰ ਰਿਹਾ ਸੀ। ਪਰ ਜੋਰੇ ਨੂੰ ਸਾਫ਼-ਸਾਫ਼ ਸੁਣ ਰਿਹਾ ਸੀ। ਬਾਬੇ ਨੇ ਜਦੋਂ ਮੁੜਕੇ ਦੇਖਿਆ ਤਾਂ ਸਮਝ ਗਿਆ ਕਿ ਜੋਰੇ ਨੇ ਸਾਰੀ ਗੱਲ ਸੁਣ ਲਈ ਹੈ।
ਉਹ ਜੋਰੇ ਵੱਲ ਆਇਆ ਤੇ ਉਸ ਦੇ ਸਾਮ੍ਹਣੇ ਪਏ ਗਿਲਾਸ ਵੱਲ ਇਸ਼ਾਰਾ ਕਰਕੇ ਕਿਹਾ, “ਭਗਤਾ, ਆਹ ਜੂਠਾ ਗਲਾਸ ਤਾਂ ਮਾਂਜ ਦੇ।” ਅੱਗੋਂ ਜੋਰਾ ਕਹਿੰਦਾ, “ਇਹ ਗਲਾਸ ਸੁੱਚਾ ਹੀ ਹੈ, ਇਸ ਵਿੱਚ ਕੁੱਝ ਪਾਇਆ ਹੀ ਨਹੀਂ? ਜਿਵੇਂ ਰੱਖਿਆ ਸੀ ਉਵੇਂ ਹੀ ਪਿਆ ਹੈ।” ਤੇ ਗਲਾਸ ਚੁੱਕ ਕੇ ਬਾਬੇ ਨੂੰ ਦਿਖਾਉਂਦਾ ਹੈ।
ਜੋਰੇ ਦੇ ਬੋਲ ਸੁਣ ਕੇ ਬਾਬੇ ਦੀਆਂ ਅੱਖਾਂ ਵਿੱਚ ਇੱਕਦਮ ਖੂਨ ਉੱਤਰ ਆਇਆ। ਉਸਨੇ ਗਲਾਸ ਫੜਿਆ ਹੋਇਆ ਹੱਥ ਘੁੱਟਿਆ, ਜਿਵੇਂ ਉਹ ਗਲਾਸ ਤੇ ਹੱਥ ਨੂੰ ਚੂਰ-ਚੂਰ ਹੀ ਕਰ ਦੇਵੇਗਾ। ਉਹ ਜੋਰੇ ਦੇ ਨੇੜੇ ਹੋ ਪਰਛਾਵੇਂ ਵਾਂਗ ਤਣ ਗਿਆ। ਗਲਾਸ ਤਾਂ ਇੱਕ ਬਹਾਨਾ ਸੀ ਉਹ ਆਪਣੀ ਦਹਸ਼ਤ ਤੇ ਤਾਕਤ ਦਾ ਉਸ ਤੇ ਡਰ ਪਾਉਣਾ ਚਾਹੁੰਦਾ ਸੀ।
ਬਾਬਾ: “ਇਹ ਸੁੱਚਾ ਏ ?” (ਦਬਾਅ ਭਰੀ ਆਵਾਜ਼ ਵਿੱਚ ਫੇਰ ਬੋਲਿਆ) “ਤੈਨੂੰ ਇਹ ਸੁੱਚਾ ਲੱਗਦਾ ਏ? ਓਏ ਮੂਰਖਾ, ਅੱਖਾਂ ਖੋਲ੍ਹ ਕੇ ਵੇਖ… ਇਹਦੇ ‘ਤੇ ਤੇਰੀ ਨਿਯਤ ਦੀ ਝੂਠ ਲੱਗੀ ਹੋਈ ਹੈ। ਡੇਰੇ ਦੀਆਂ ਕੰਧਾਂ ਦੇ ਵੀ ਕੰਨ ਹੁੰਦੇ ਨੇ, ਪਰ ਜਿਹੜੇ ਕੰਨ ਵਾਧੂ ਸੁਣਨ ਲੱਗ ਜਾਣ, ਉਹਨਾਂ ਨੂੰ ਮਰੋੜਨਾ ਮੈਨੂੰ ਆਉਂਦਾ ਏ।” ਬਾਬੇ ਨੇ ਆਪਣੀ ਅਸਲ ਮਨਸ਼ਾ ਜਾਹਰ ਕਰਤੀ।
ਜੋਰਾ: (ਉਵੇਂ ਹੀ ਸ਼ਾਂਤ ਖੜ੍ਹਾ ਸੀ) “ਬਾਬਾ ਜੀ, ਮੈਂ ਤਾਂ ਸਿਰਫ਼ ਏਹੀ ਕਿਹਾ ਕਿ…”
ਬਾਬਾ: “ਚੁੱਪ!”(ਗੱਲ ਵਿੱਚੋਂ ਕੱਟ ਕੇ, ਗਰਜਵੀਂ ਆਵਾਜ਼ ਵਿੱਚ) “ਜ਼ਬਾਨ ਨੂੰ ਲਗਾਮ ਦੇ। ਤੂੰ ਅਜੇ ਬਾਬਿਆਂ ਦੇ ਹੱਥਾਂ ਦੀ ਕਰਾਮਾਤ ਨਹੀਂ ਵੇਖੀ। ਇਹ ਹੱਥ ਸਿਰ ‘ਤੇ ਅਸ਼ੀਰਵਾਦ ਦੇਣਾ ਵੀ ਜਾਣਦੇ ਨੇ ਤੇ ਧੋਣ ਪੁੱਟਣਾ ਵੀ। ਤੇਰੇ ਵਰਗਿਆਂ ਨੂੰ ਪਿੱਛੇ ਕੋਈ ਪੜਤਾਲਣ ਵੀ ਨੀ ਆਉਦਾ।” (ਜੋਰੇ ਦਾ ਗਲਮਾ ਫ਼ੜ ਲੈਂਦਾ ਏ) “ਆਹ ਗਲਾਸ ਚੁੱਕ ਤੇ ਜਾ ਕੇ ਇਹਨੂੰ ਰੂਹ ਨਾਲ ਮਾਂਜ। ਨਹੀਂ ਤਾਂ ਤੈਨੂੰ ਮੇਂ ਮਾਂਝ ਦੇਣਾ ਏ,,, ਸਮਝ ਗਿਆ?”
ਬਾਬਾ ਉੱਚੇ-ਲੰਮੇ ਕੱਦ ਦਾ ਮਜ਼ਬੂਤ ਸਰੀਰ ਵਾਲਾ ਬੰਦਾ ਸੀ। ਡੇਰੇ ਦੀਆਂ ਘਿਓ-ਚੂਰੀਆਂ ਤੇ ਵਿਹਲੜਪੁਣੇ ਨੇ ਉਸਦੇ ਸਰੀਰ ਨੂੰ ਪਹਿਲਵਾਨਾਂ ਵਾਂਗ ਮਾਸ ਨਾਲ ਨੱਕੋ-ਨੱਕ ਭਰ ਦਿੱਤਾ ਸੀ। ਉਸਦੇ ਡੌਲੇ ਮੋਟੇ ਤੇ ਹੱਥ ਭਾਰੀ ਸਨ।
ਡੇਰੇ ਵਿੱਚ ਉਸਦੀ ਏਨੀ ਦਹਿਸ਼ਤ ਸੀ ਕਿ ਸ਼ਰਧਾਲੂ ਤਾਂ ਕੀ, ਪਰਿੰਦਾ ਵੀ ‘ਚੂੰ’ ਨਹੀਂ ਸੀ ਕਰਦਾ। ਉਸਦੀ ਗਰਜਵੀਂ ਆਵਾਜ਼ ਤੇ ਭਾਰੀ ਜੁੱਸਾ ਦੇਖ ਕੇ ਵੱਡੇ-ਵੱਡਿਆਂ ਨੂੰ ਤਰੇਲੀ ਪੈ ਜਾਂਦੀ ਸੀ। ਕੋਈ ਡਰਦਾ ਬਾਬੇ ਅੱਗੇ ਬੋਲਦਾ ਨਹੀਂ ਸੀ।
ਜਦੋਂ ਬਾਬੇ ਨੇ ਜੋਰੇ ਦੀ ਕਮੀਜ਼ ਦੇ ਗਲਮੇ ਨੂੰ ਮਰੋੜਿਆ, ਤਾਂ ਉਸਦੇ ਮਨ ਵਿੱਚ ਸੀ ਕਿ ਜੋਰਾ ਥਿੜਕ ਜਾਵੇਗਾ।
“ਬਾਬਾ ਜੀ ਤੁਸੀਂ ਤਾਂ ਇਵੇਂ ਗੱਲ ਵਧਾਉਂਦੇ ਓ।” ਜ਼ੋਰੇ ਨੇ ਠਰਮੇ ਨਾਲ ਫੇਰ ਦੋਹਰਾਇਆ।
ਬਾਬਾ: (ਕਚਿੱਚੀ ਵੱਟ ਕੇ ) “ਬਹੁਤਿਆ ਸਿਆਣਿਆ ਤੇਰੇ ਵਰਗੇ ਪਤਾਲਾਂ ਚ ਦੱਬ ਤੇ ਮੈਂ!”
ਬਾਬੇ ਨੇ ਪੂਰੀ ਤਾਕਤ ਨਾਲ ਜੋਰੇ ਨੂੰ ਧੱਕਾ ਮਾਰ ਕੇ ਪਿਛਾਂਹ ਕਰਤਾ। ਇੱਕ ਪਲ ਲਈ ਜੋਰਾ ਅਣਭੋਲ ਹੋਣ ਕਰਕੇ ਪਿੱਛੇ ਨੂੰ ਧੱਕਿਆ ਗਿਆ, ਪਰ ਉਸਦੇ ਪੈਰਾਂ ਨੇ ਧਰਤੀ ਨਹੀਂ ਛੱਡੀ।
ਜੋਰਾ ਧਰਤੀ ਦਾ ਪੁੱਤ, ਮਿੱਟੀ ਨਾ ਮਿੱਟੀ ਹੋ ਕੇ ਕਮਾਇਆ ਸ਼ਰੀਰ। ਦੇਖਣ ਚ ਭਾਵੇਂ ਜ਼ੋਰਾ ਛਾਂਟਵੇ ਸ਼ਰੀਰ ਦਾ ਸੀ ਪਰ
ਧੋਰੀ ਖਾਲ ਦਾ ਬੰਨ ਉਹ ਇੱਕ ਸਾਹ ਚ ਪਾ ਦਿੰਦਾ ਸੀ ਤੇ ਢਾਈ ਮਣ ਦਾ ਭਾਰ ਓਹਦੇ ਲਈ ਖੇਡ ਸੀ। ਪਿੰਡ ਵਿੱਚ ਕੋਈ ਉਹਦਾ ਸਾਨੀ ਨਹੀਂ ਸੀ, ਤੇ ਨਾ ਹੀ ਕੋਈ ਓਹਦੇ ਨਾਲ ਕੰਮ ਕਰਨ ਦੀ ਝਾਲ ਝਲਦਾ ਸੀ। ਪਰ ਸੁਭਾਅ’ਚ ਠਰਮਾ ਸੀ।
ਇਧਰ ਬਾਬਾ ਹੰਕਾਰਿਆ ਹੋਇਆ ਖੜ੍ਹਾ ਸੀ। ਪੁਰਾਣਾ ਬਦਮਾਸ਼। ਜੋਰੇ ਨੂੰ ਕਬੀਲਦਾਰ ਜਿਹਾ ਸਮਝ ਕੇ ਦਬਾਉਣਾ ਚਾਹੁੰਦਾ ਸੀ। ਪਰ ਜੋਰੇ ਦੇ ਚਿਹਰੇ ‘ਤੇ ਨਾ ਖੌਫ਼ ਸੀ, ਨਾ ਤਰਲਾ।
ਜੋਰਾ: ( ਠੰਢੇ ਸੁਭਾਅ ਨਾਲ) “ਬਾਬਾ ਜੀ, ਗਲਾਸ ਮਾਂਜਣ ਦੀ ਗੱਲ ਸੀ, ਤੁਸੀਂ ਤਾਂ ਹੱਡ ਮਾਂਜਣ ‘ਤੇ ਆ ਗਏ।”
ਬਾਬੇ ਨੇ ਅੱਗੇ ਵੱਧ ਕੇ ਫੇਰ ਹਿੱਕ ਚ ਧੱਫਾ ਮਾਰਿਆ। ਜ਼ੋਰਾ ਫੇਰ ਦੋ ਕਦਮ ਹੋਰ ਪਿੱਛੇ ਧੱਕਿਆ ਗਿਆ। ਬਾਬੇ ਦਾ ਜਿਵੇਂ ਹੰਕਾਰ ਹੋਰ ਸਿਰ ਚੜ੍ਹ ਗਿਆ। ਉਸ ਨੇ ਫੇਰ ਜ਼ੋਰੇ ਦੀ ਹਿੱਕ ਚ ਧੱਫਾ ਮਾਰਿਆ। ਬਾਬੇ’ਚ ਸਾਨ੍ਹ ਜਿਨਾ ਜ਼ੋਰ ਸੀ, ਜ਼ੋਰਾ ਲੜਖੜਾ ਕੇ ਫੇਰ ਸੰਭਲ ਗਿਆ। ਉਸ ਨੇ ਅੰਦਾਜਾ ਲਾ ਲਿਆ,,ਸਿੱਧੇ ਮੱਥੇ ਇਹ ਬਾਬਾ ਕਾਬੂ ਨੀ ਆਉਣਾ।
ਇਸ ਤੋਂ ਪਹਿਲਾਂ ਕਿ ਬਾਬਾ ਅਗਲਾ ਵਾਰ ਕਰਦਾ, ਜੋਰੇ ਨੇ ਬੜੀ ਫੁਰਤੀ ਨਾਲ ਝਕੋਨੀ ਦੇਕੇ ਬਾਬੇ ਦਾ ਲੱਕ ਫੜ੍ਹ ਲਿਆ,,,ਪਕੜ ਅਜਿਹੀ ਸੀ ਜਿਵੇਂ ਲੋਹੇ ਦੇ ਜੰਬੂਰ ਨੇ ਗਰਮ ਸਰੀਏ ਨੂੰ ਜਕੜ ਲਿਆ ਹੋਵੇ। ਜ਼ੋਰੇ ਨੇ ਬਾਬੇ ਨੂੰ ਜ਼ੋਰ ਦਾ ਝਟਕਾ ਮਾਰਿਆ—ਉਹੀ ਝਟਕਾ ਜੋ ਉਹ ਹਲ਼ ਵਾਹੁੰਦੇ ਸਮੇਂ ਬਲਦਾਂ ਨੂੰ ਮਾਰਦਾ ਹੁੰਦਾ ਸੀ ਜਦੋਂ ਬਲਦ ਮੱਥਿਆਂ ਤੋਂ ਮੁੜਦੇ ਨਾ।
ਬਾਬੇ ਦਾ :ਵਿਹਲਾ ਸਰੀਰ’ ਉਸ ਝਟਕੇ ਨੂੰ ਸਹਿ ਨਾ ਸਕਿਆ। ਲੱਕ ਫੜ ਕੇ ਜ਼ੋਰਾ ਬਾਬੇ ਨੂੰ ਧੂਈ ਫਿਰਿਆ। ਸਾਧੜੇ ਦਾ ਛੇਤੀ ਦੰਮ ਪੱਟਿਆ ਗਿਆ ਤੇ ਫੇਰ ਲੱਕੜ ਦੇ ਮੋਛੇ ਵਾਂਗ ਇੱਕ ਪਾਸੇ ਵਗਾਹ ਮਾਰਿਆ। ਬਾਬਾ ਧੜੰਮ ਕਰਕੇ ਧਰਤੀ ‘ਤੇ ਜਾ ਡਿੱਗਿਆ।
ਇਹਦੁੰ ਪਹਿਲਾਂ ਕਿ ਉਹ ਉੱਠਦਾ ਜੋਰੇ ਨੇ ਧੋਣ ਤੇ ਜਾ ਗੋਡਾ ਧਰਿਆ।
ਜੋਰਾ: “ਹੁਣ ਦੱਸ ਗਲਾਸ ਕਿਵੇਂ ਮਾਂਜਣਾ ਏ?”(ਉਹ ਬਾਬੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰ ਰਿਹਾ ਸੀ) ”ਹੁਣ ਕਿੱਧਰ ਗਈਆਂ ਤੇਰੀਆਂ ਰਿੱਧੀਆਂ-ਸਿੱਧੀਆਂ? ਤੈਨੂੰ ਲੋਕਾਂ ਦੀਆਂ ਧੀਆਂ-ਭੈਣਾਂ ਮਾਸ ਦਾ ਲੋਥੜਾ ਨਜ਼ਰ ਆਉਂਦੀਆਂ ਨੇ? ਜਿਵੇਂ ਮਰਜ਼ੀ ਖਾ ਲਵੇਂ,ਜਿਵੇਂ ਮਰਜ਼ੀ ਹੰਢਾਅ ਲਵੇਂ !! ਡੇਰੇ ‘ਚ ਬਹਿ ਕੇ ਆਹੀ ਕਾਰੇ ਕਰਦਾ ਏ ?”
ਜੋਰੇ ਨੂੰ ਮੁੱਕਾ ਵੱਟ ਕੇ ਰੋਕ ਲਿਆ। ਬਾਬਾ ਸਾਹੋ ਸਾਹ ਹੋਇਆ ਪਿਆ ਸੀ। ਬਹੁਤ ਹੋ ਗਈ ਸੀ ਪਾਖੰਡੀ ਨਾਲ।
ਬਾਬਾ ਜੂੜ ਪਾਏ ਬਲਦ ਵਾਂਗ ਦੜ੍ਹਮ ਪਿਆ ਸੀ। ਬਾਬਾ ਤੇ ਬਾਬੇ ਦੀ ਦਹਿਸ਼ਤ ਮਿੱਟੀ ਵਿੱਚ ਰੁਲ਼ੀ ਗਈ ਸੀ।
ਰੌਲਾ ਸੁਣਕੇ ਕੁੱਝ ਲੋਕ ਵੀ ਇਕੱਠੇ ਹੋ ਗਏ ਸਨ। ਉਹ ਸਿਰਫ ਤਮਾਸ਼ਾ ਦੇਖਦੇ ਰਹੇ,ਬੋਲਿਆ ਕੋਈ ਨਹੀਂ।
ਵਡੇਰੀ ਉਮਰ ਦੀ ਔਰਤ ਭੀੜ ਚ ਹੱਕੀ-ਬੱਕੀ ਖੜ੍ਹੀ ਸੀ। ਨੂੰਹ ਦੇ ਚਿਹਰੇ ਤੇ ਮੁਕਤੀ ਦਾ ਸਕੂਨ ਸੀ।
ਮੁਕਤੀ

ਬਾਬੇ ਨੂੰ ਮੋਛੇ ਵਾਂਗ ਵਗਾਹ ਕੇ ਸੁੱਟਣ ਤੋਂ ਬਾਅਦ, ਜੋਰੇ ਦਾ ਸਾਹ ਅਜੇ ਵੀ ਧੌਂਕਣੀ ਵਾਂਗ ਚੱਲ ਰਿਹਾ ਸੀ। ਜੋਰਾ ਉੱਠਿਆ ਤੇ ਅੰਦਰ ਧੂਣੇ ਵਾਲੇ ਕਮਰੇ ਵੱਲ ਵਧਿਆ। ਜੀਤੋ ਦੀ ਵਾਹ ਫੜਕੇ ਬਾਹਰ ਘੜੀਸ ਲਿਆਇਆ। ਉਸ ਦਾ ਅੰਦਰਲਾ ਗੁੱਸਾ ਹੁਣ ਗਾਲ੍ਹਾਂ ਬਣ ਕੇ ਫੁੱਟ ਰਿਹਾ ਸੀ।
“ਮੈਂ ਦਿੰਦਾ ਤੈਨੂੰ ਘਰ ਦਾ ਵਾਰਿਸ ! ਮੈਂ ਖਿਡਾਉਂਦਾ ਤੇਰੀ ਗੋਦੀ ‘ਚ ਲਾਲ! ਇਸ ਲੰਗਾੜੇ ਕੋਲੋਂ ਭਾਲਦੀ ਸੀ ਮੁੰਡੇ? ਆਹ ਦੇਖ ਸਾਧੜੇ ਦਾ ਹਾਲ, ਕਿਵੇਂ ਕਾਂ ਵਾਂਗ ਫੜਫੜਾਈ ਜਾਂਦਾ ਏ!”
ਜੀਤੋ ਤੇ ਭਾਨੋ ਦੇ ਤਾਂ ਸਾਹ ਸੂਤੇ ਗਏ ਸੀ। ਜੀਤੋ ਤਾਂ ਪਹਿਲਾਂ ਹੀ ਡਰੀ ਹੋਈ ਸੀ, ਉਹਦੇ ਵਹਿਮ ਤਾਂ ਉਦੋਂ ਹੀ ਦੂਰ ਹੋ ਗਏ ਸੀ ਜਦੋਂ ਬਾਬੇ ਦੇ ਮੂੰਹੋ ਸੁਣਿਆ ਸੀ ਕਿ ਭਾਈ ਡੇਰੇ ਚ ਰਾਤ ਰੁਕਣਾ ਪੈਣਾ ਏ।
ਬਾਬੇ ਨੂੰ ਮਿੱਟੀ ਚ ਰੁਲਿਆ ਦੇਖ ਕੇ ਤਾਂ ਜਿਵੇਂ ਮਾਪੇ ਹੀ ਮਰ ਗਏ। ਅੱਗੇ ਅੱਗੇ ਉਹ ਤੇ ਪਿੱਛੇ ਪਿੱਛੇ ਜੋਰਾ, ਵਾਹਣੋ-ਵਾਹਣੀ ਪੈ ਕੇ ਮਸਾਂ ਘਰ ਲਿਆ, ਪਿੱਛਾ ਭੌਂ ਕੇ ਵੀ ਨਹੀਂ ਦੇਖਿਆ।
ਮੁੜ ਕੇ ਨਾ ਤਾਂ ਜੀਤੋ ਨੇ ਹੁਬਕੀਆਂ ਲਈਆਂ ਤੇ ਨਾ ਘਰ ਦੇ ਵਾਰਿਸ ਦੀ ਗੱਲ ਛੇੜੀ।
… ਤੇ ਭਾਨੋ!! ਭਾਨੋ ਹੁਣ ਕਦੇ ਉਹਨਾਂ ਦੇ ਘਰ ਨੀ ਆਈ ਤੇ ਨਹੀਂ ਹੀ ਉਹਨਾਂ ਦੀ ਗਲ਼ੀ ਫੇਰਾ ਪਾਈਆ।
ਕਹਿੰਦੇ ਨੇ, ਉਸ ਦਿਨ ਦੇ ਕੁਟਕਾਪੇ ਤੋਂ ਬਾਅਦ ਬਾਬਾ ਮੁੜ ਡੇਰੇ ਨਹੀਂ ਵੜਿਆ। ਹੁਣ ਉੱਥੇ ਨਾ ਕੋਈ ਮੁੰਡਿਆਂ ਦੀਆਂ ‘ਦਾਤਾਂ’ ਵੰਡਦਾ ਸੀ ਤੇ ਨਾ ਹੀ ਰਾਤਾਂ ਨੂੰ ਭਰਮ ਦੀਆਂ ਚੌਂਕੀਆਂ ਲੱਗਦੀਆਂ ਸਨ।
ਇਧਰ ਜ਼ੋਰੇ ਦੇ ਘਰ ਨਵਾਂ ਸੂਰਜ ਚੜ੍ਹਿਆ ਸੀ। ਵੱਡੀ ਕੁੜੀ ਹੁਣ ਜੋਰੇ ਨਾਲ ਖੇਤ ਦੇ ਕੰਮ ਕਰਵਾਉਂਦੀ, ਛੋਟੀ ਜੀਤੋ ਨਾਲ ਘਰ ਦੇ ਕੰਮਾਂ ‘ਚ ਹੱਥ ਵਟਾਉਂਦੀ। ਉਸ ਤੋਂ ਨਿੱਕੀ ਪਿੰਘੇ ਵਿੱਚ ਪਏ ‘ਨਿਆਣੇ’ ਨੂੰ ਝੂਟੇ ਦਿੰਦੀ।
ਜੋਰੇ ਦਾ ਵਿਹੜਾ ਰੱਬ ਦੀਆਂ ਸੱਚੀਆਂ ਦਾਤਾਂ ਨਾਲ ਨੱਕੋ-ਨੱਕ ਭਰਿਆ ਹੋਇਆ ਸੀ। ਘਰ ਦੇ ਵਾਰਿਸ ਤਾਂ ਉਸ ਦੇ ਘਰ ਹੀ ਸਨ। ਜੀਤੋ ਨੂੰ ਹੁਣ ਕੁੜੀਆਂ ਦੀ ਉਹ ਡਾਰ ਚੁੱਭਦੀ ਨਹੀਂ ਸੀ, ਸਗੋਂ ਆਪਣੀ ਕਿਸਮਤ ‘ਤੇ ਮਾਣ ਹੁੰਦਾ ਸੀ।
ਸਿੱਖਿਆ
Ghar da waris Punjabi Samajik Kahani ਸਾਨੂੰ ਇਹ ਸਿਖਾਉਂਦੀ ਹੈ ਜੋ ਸਾਡੇ ਕੋਲ ਹੈ ਉਹੀ ਸੱਭ ਤੋਂ ਬਿਹਤਰ ਹੈ।
ਹੋਰ ਬੇਹਤਰ ਹੋਰ ਚੰਗੇ ਦੀ ਭਾਲ ਸਾਨੂੰ ਪਾਖੰਡ ਦੇ ਦਰਵਾਜੇ ਤੱਕ ਲੇ ਜਾਂਦੀ ਹੈ। ਫੇਰ ਸ਼ੁਰੂ ਹੁੰਦਾ ਹੈ ਸ਼ੋਸ਼ਣ ,,ਹਰ ਤਰ੍ਹਾਂ ਦਾ ਸ਼ੋਸ਼ਣ।
ਕੋਈ ਜੋਰੇ ਵਰਗਾ ਜਦੋਂ ਇਸ ਪਾਖੰਡ ਨੂੰ ਤੋੜਦਾ ਹੈ ਤਾਂ ਉਹ ਕਈਆਂ ਨੂੰ ਮਾਨਸਿਕ ਗੁਲਾਮੀ ਤੋਂ ਮੁਕਤ ਕਰਦਾ ਹੈ।
ਕੁਦਰਤ ਦੀ ਹਰ ਦਾਤ ਅਨਮੋਲ ਹੈ ਤੇ ਉਹੀ ਹੈ ਘਰ ਦਾ ਵਾਰਿਸ ।
ਤੁਸੀਂ ਇਸ ਕਹਾਣੀ ਨੂੰ ਕਿਵੇਂ ਦੇਖਦੇ ਹੋ?


